
- **ਪੈਨਸ਼ਨਰਾਂ ਅਤੇ ਮੁਲਾਜ਼ਮਾਂ ਪ੍ਰਤੀ ਚੁੱਪ, ਪੰਜਾਬ ਸਰਕਾਰ ਦੇ ਬਜਟ ਦੀ ਕੀਤੀ ਤਿੱਖੀ ਨਿਖੇਧੀl
**16 ਪ੍ਰਤੀਸ਼ਤ ਡੀ ਏ ਤੁਰੰਤ ਦੇ ਕੇ ਪੰਜਾਬ ਸਰਕਾਰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਦੇਵੇ ਰਾਹਤl
** ਸੰਘਰਸ਼ਸ਼ੀਲ ਪੈਨਸ਼ਨਰਾਂ ਅਤੇ ਮੁਲਾਜ਼ਮਾਂ ‘ਤੇ ਕੀਤੇ ਜਾ ਰਹੇ ਤਸ਼ੱਸਦ ਦੀ ਕੀਤੀ ਤਿੱਖੀ ਨਿਖੇਧੀ**
ਫ਼ਗਵਾੜਾ:17 ਮਾਰਚ
ਪੰਜਾਬ ਸਟੇਟ ਪੈਨਸ਼ਨਰਜ਼ ਕੰਨਫੈਡਰੇਸ਼ਨ (ਰਜਿ.) ਦੀ ਤਿਮਾਹੀ ਸੂਬਾਈ ਮੀਟਿੰਗ ਪੈਨਸ਼ਨਰਜ਼ ਭਵਨ, ਲੁਧਿਆਣਾ ਵਿਖੇ ਸ੍ਰੀ ਕਰਮ ਸਿੰਘ ਧਨੋਆ, ਸੂਬਾ ਪ੍ਰਧਾਨ ਦੀ ਪ੍ਰਧਾਨਗੀ ਵਿੱਚ ਹੋਈ l ਪ੍ਰਧਾਨਗੀ ਮੰਡਲ ਵਿੱਚ ਸਰਪ੍ਰਸਤ ਅਜੀਤ ਸਿੰਘ ਫਤਿਹਚੱਕ, ਕਾਰਜਕਾਰੀ ਪ੍ਰਧਾਨ ਪਿਆਰਾ ਸਿੰਘ,ਮਦਨ ਗੋਪਾਲ,ਜਵੰਦ ਸਿੰਘ, ਗੁਰਦੀਪ ਸਿੰਘ ਵਾਲੀਆ ਸਾਮਿਲ ਸਨ l ਮੀਟਿੰਗ ਦੇ ਸ਼ੁਰੂ ਵਿੱਚ ਬੀਤੀ ਤਿਮਾਹੀ ਦੌਰਾਨ ਪ੍ਰਿੰਸੀਪਲ ਪਿਆਰਾ ਸਿੰਘ, ਮਹਿੰਦਰ ਸਿੰਘ ਦੀਵਾਨਾ ਅਤੇ ਹੋਰ ਪੈਨਸ਼ਨਰਾਂ ਦੇ ਸਦੀਵੀ ਵਿਛੋੜਾ ਦੇ ਜਾਣ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ, ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਮਰਹੂਮ ਮਹਿੰਦਰ ਸਿੰਘ ਪ੍ਰਵਾਨਾ ਜੀ ਦੀ ਬਰਸੀ ਦੇ ਮੌਕੇ 'ਤੇ ਉਹਨਾਂ ਨੂੰ ਵੀ ਯਾਦ ਕੀਤਾ ਗਿਆ। ਮੀਟਿੰਗ ਦੀ ਸਮੁੱਚੀ ਕਾਰਵਾਈ ਨੂੰ ਕੰਨਫੈਡਰੇਸ਼ਨ ਦੇ ਜਰਨਲ ਸਕੱਤਰ ਕੁਲਵਰਨ ਸਿੰਘ ਨੇ ਚਲਾਇਆ। ਕੰਨਫੈਡਰੇਸ਼ਨ ਦੇ ਮੁੱਖ ਬੁਲਾਰੇ ਰਾਜ ਕੁਮਾਰ ਅਰੋੜਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੀਟਿੰਗ ਦੇ ਆਰੰਭ ਵਿੱਚ ਸ੍ਰੀ ਕਰਮ ਸਿੰਘ ਧਨੋਆ ਸੂਬਾ ਪ੍ਰਧਾਨ, ਵਲੋਂ ਪਿਛਲੀ ਤਿਮਾਹੀ ਦੌਰਾਨ ਕੀਤੀਆਂ ਗਤੀਵਿਧੀਆਂ ਅਤੇ ਸੰਘਰਸ਼ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਕਿ ਪੈਂਸ਼ਨਰਾਂ ਦੀਆਂ ਸਮੱਸਿਆਵਾਂ ਸਬੰਧੀ ਡੀਏਜੀ, ਪੰਜਾਬ ਅਤੇ ਡਾਇਰੈਕਟਰ, ਪੈਨਸ਼ਨ ਅਤੇ ਪੈਨਸ਼ਨਰ ਭਲਾਈ, ਪੰਜਾਬ ਜੀ ਨਾਲ ਮੀਟਿੰਗਾਂ ਕੀਤੀਆਂ, ਜਿਸ ਬਾਰੇ ਵੀ ਜਾਣਕਾਰੀ ਦਿੱਤੀ ਗਈl ਪ੍ਰਧਾਨਗੀ ਮੰਡਲ ਦੇ ਬੁਲਾਰਿਆਂ ਸਮੇਤ ਮਹਿੰਦਰ ਸਿੰਘ ਧਾਲੀਵਾਲ,ਰਾਜ ਕੁਮਾਰ ਅਰੋੜਾ, ਸੁਖਦੇਵ ਸਿੰਘ ਪੰਨੂ, ਮਨੋਹਰ ਲਾਲ ਬਰਨਾਲਾ, ਸੁਖਮਿੰਦਰ ਸਿੰਘ, ਮਨਜੀਤ ਸਿੰਘ ਸੈਣੀ, ਕਰਮਜੀਤ ਸ਼ਰਮਾ, ਆਸਾ ਸਿੰਘ ਪੰਨੂ, ਕੁਲਦੀਪ ਸਿੰਘ ਕੌੜਾ, ਤਰਲੋਚਨ ਸਿੰਘ, ਹਰਦਿਆਲ ਸਿੰਘ ਬਡਸਰ ਆਦਿ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਂਝੇ ਤੌਰ 'ਤੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿੱਚ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਪ੍ਰਤੀ ਧਾਰੀ ਸਾਜ਼ਿਸ਼ੀ ਚੁੱਪ ਦੀ ਤਿੱਖੀ ਨਿਖੇਧੀ ਕੀਤੀ ਗਈ ਅਤੇ ਬਜਟ ਸਿਰਫ਼ ਤੇ ਸਿਰਫ਼ ਖਾਲੀ ਪੀਪਾ ਦੱਸਿਆ l ਕਿਉਂਕਿ ਇਸ ਬਜਟ ਵਿੱਚ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਦੇਣ ਲਈ ਕੁੱਝ ਵੀ ਨਹੀਂ ਰੱਖਿਆ ਗਿਆ। ਇਕ ਮਤਾ ਪਾਸ ਕਰਕੇ ਬਜਟ ਸੈਸ਼ਨ ਦੌਰਾਨ 08 ਅਤੇ 12 ਮਾਰਚ ਨੂੰ ਸੰਘਰਸ਼ਸ਼ੀਲ ਪੈਨਸ਼ਨਰਾਂ ਅਤੇ ਮੁਲਾਜ਼ਮਾਂ 'ਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੱਲੋਂ ਗੰਦੇ ਪਾਣੀ ਦੀਆਂ ਬੁਛਾੜਾਂ ਮਾਰਨ, ਅੱਥਰੂ ਗੈਸ ਦੇ ਗੋਲੇ ਦਾਗਣ ਅਤੇ ਲਾਠੀਚਾਰਜ ਕਰਨ ਦੀ ਤਿੱਖੀ ਨਿਖੇਧੀ ਕਰਦੇ ਹੋਏ ਮੰਗ ਕੀਤੀ ਕਿ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਆਗੂਆਂ ਨਾਲ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਕਰਦੇ ਹੋਏ, ਉਨ੍ਹਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਆਗੂਆਂ ਨੇ ਸਾਂਝੇ ਤੌਰ ਤੇ ਮੰਗ ਕੀਤੀ ਕਿ 16 ਪ੍ਰਤੀਸ਼ਤ ਡੀ ਏ ਦੀਆਂ ਪੰਜ ਬਕਾਇਆ ਕਿਸ਼ਤਾਂ ਤੁਰੰਤ ਨਗਦ ਦੇਣ ਦਾ ਐਲਾਨ ਕਰਕੇ ਪੰਜਾਬ ਸਰਕਾਰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਵਧੀ ਹੋਈ ਮਹਿੰਗਾਈ ਤੋਂ ਰਾਹਤ ਦੇਵੇ। ਮੰਗਾਂ ਦਾ ਜ਼ਿਕਰ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਪੇ ਕਮਿਸ਼ਨ ਦੀ ਸਿਫਾਰਸ਼ ਅਨੁਸਾਰ ਪੈਨਸ਼ਨਰਾਂ ਨੂੰ ਪੈਂਨਸ਼ਨ ਰੀਵਾਈਜ ਲਈ 2.59 ਦਾ ਗੁਣਾਂਕ ਲਾਗੂ ਕਰਨ,ਚੋਣ ਵਾਅਦੇ ਅਨੁਸਾਰ ਪੁਰਾਣੀ ਪੈਂਨਸ਼ਨ ਬਹਾਲ ਕਰਨ, ਮੈਡੀਕਲ ਭੱਤਾ 2000/- ਰੁਪਏ ਕਰਨ, ਕੈਸ਼ ਲੈੱਸ ਹੈਲਥ ਸਕੀਮ ਸੋਧ ਕੇ ਲਾਗੂ ਕਰਨ, ਤਨਖਾਹ ਕਮਿਸ਼ਨ ਦੇ ਰਹਿੰਦੇ ਬਕਾਏ ਯ਼ਕਮੁਸ਼ਤ ਦੇਣ ਆਦਿ ਮੰਗਾਂ ਨੂੰ ਮੰਨਣ ਅਤੇ ਲਾਗੂ ਕਰਨ ਲਈ ਸਾਂਝਾ ਫਰੰਟ ਦੇ ਆਗੂਆਂ ਨਾਲ ਦੋ ਧਿਰੀ ਗੱਲਬਾਤ ਕਰਦੇ ਹੋਏ ਨਿਪਟਾਰਾ ਕੀਤਾ ਜਾਵੇ। 08/03/2026 ਦੀ ਸਾਂਝੇ ਫਰੰਟ ਦੀ ਮੋਹਾਲੀ ਰੈਲੀ ਵਿੱਚ ਲੱਗੇ ਕੋਟੇ ਤੋਂ ਵੱਧ ਕੀਤੀ ਗਈ ਸ਼ਮੂਲੀਅਤਤੇ ਤਸੱਲੀ ਦਾ ਪ੍ਰਗਟਾਵਾ ਕਰਦੇ ਹੋਏ ਕੰਨਫੈਡਰੇਸ਼ਨ ਵਲੋਂ ਮਾਣ ਮਹਿਸੂਸ ਕੀਤਾ ਗਿਆ। ਪੰਜਾਬ ਸਟੇਟ ਪੈਨਸ਼ਨਰਜ਼ ਕੰਨਫੈਡਰੇਸ਼ਨ ਵਲੋਂ ਦਿੱਤੇ ਗਏ ਸੱਦੇ `ਤੇ ਚੀਫ਼ ਮੈਨੇਜਰ ਅਤੇ ਹੈੱਡ ਸ਼੍ਰੀ ਮਨੋਜ ਕੁਮਾਰ ਸ਼ਰਮਾ, ਸੀ ਪੀ ਪੀ ਸੀ ਪੰਜਾਬ ਨੈਸ਼ਨਲ ਬੈਂਕ, ਲੁਧਿਆਣਾ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋ ਕੇ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਪੈਨਸ਼ਨਰਾਂ ਵਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਵਧੀਆ ਢੰਗ ਨਾਲ ਦਿੰਦੇ ਹੋਏ ਵਿਸ਼ਵਾਸ ਦਿਵਾਇਆ ਕਿ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਨੂੰ ਹਰ ਪੱਧਰ ‘ਤੇ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਗੰਭੀਰਤਾ ਨਾਲ ਉਪਰਾਲੇ ਕੀਤੇ ਜਾਣਗੇ। ਪੈਨਸ਼ਨਰਾਂ ਵਲੋਂ ਲਿਖਤੀ ਰੂਪ ਵਿੱਚ ਲਿਆਂਦੀਆਂ ਸਮੱਸਿਆਵਾਂ ਉਹਨਾਂ ਨੂੰ ਸੌਂਪੀਆਂ ਗਈਆਂ। ਇਸ ਮੀਟਿੰਗ ਵਿੱਚ ਪ੍ਰਧਾਨ ਜੀ ਵੱਲੋਂ ਪ੍ਰੈੱਸ ਦੀ ਕਵਰੇਜ ਨੂੰ ਵਧਾਉਣ ਲਈ ਫ਼ਗਵਾੜਾ ਤੋਂ ਕੁਲਦੀਪ ਸਿੰਘ ਕੌੜਾ ਨੂੰ ਬਤੌਰ ਸਹਾਇਕ ਪ੍ਰੈੱਸ ਸਕੱਤਰ ਦੇ ਸੂਬਾਈ ਟੀਮ ਵਿੱਚ ਸ਼ਾਮਲ ਕੀਤਾ ਗਿਆ।ਇਸ ਮੌਕੇ ‘ਤੇ ਰਾਮੇਸ਼ ਭਨੋਟ ਨੇ ਐਫਿਲੀਏਸ਼ਨ ਫੀਸ ਇਕੱਠੀ ਕਰਨ ਉਪਰੰਤ ਜਾਣਕਾਰੀ ਦਿੱਤੀ ਕਿ ਪੰਜਾਬ ਦੇ 17 ਜ਼ਿਲਿਆਂ ਅਤੇ ਸਬ ਯੂਨਿਟਾਂ ਦੇ ਅਹੁਦੇਦਾਰਾਂ ਵਲੋਂ ਸਾਲ 2026 ਦੀ ਕੰਨਫੈਡਰੇਸ਼ਨ ਨਾਲ ਐਫਿਲੀਏਸ਼ਨ ਫੀਸ ਜਮ੍ਹਾਂ ਕਰਵਾਈ ਗਈ ਹੈ ਅਤੇ ਰਹਿੰਦੇ ਜ਼ਿਲਿਆਂ ਨੂੰ ਐਫਿਲੀਏਸ਼ਨ ਫੀਸ ਜਮ੍ਹਾਂ ਕਰਵਾਉਣ ਦੀ ਅਪੀਲ ਵੀ ਕੀਤੀ ਗਈ। ਕੰਨਫੈਡਰੇਸ਼ਨ ਦੀ ਤਿਮਾਹੀ ਮੀਟਿੰਗ ਦੇ ਅੰਤ ਵਿੱਚ ਸ੍ਰੀ ਕਰਮ ਸਿੰਘ ਧਨੋਆ ਸੂਬਾ ਪ੍ਰਧਾਨ, ਵੱਲੋਂ ਮੀਟਿੰਗ ਦੌਰਾਨ ਵੱਖ ਵੱਖ ਬੁਲਾਰਿਆਂ ਵੱਲੋਂ ਉਠਾਏ ਸਵਾਲਾਂ ਦੇ ਜਵਾਬ ਦਿੰਦੇ ਹੋਏ, ਆਏ ਹੋਏ ਆਗੂਆਂ ਅਤੇ ਮੈਂਬਰਾਂ ਦਾ ਧੰਨਵਾਦ ਕਰਕੇ ਮੀਟਿੰਗ ਦੀ ਸਮਾਪਤੀ ਕੀਤੀ l