
ਬੇਲੋੜੀ ਜਬਰੀ ਠੋਸੀ ਟੈਟ ਸ਼ਰਤ ਖਿਲਾਫ਼ ਵਿਧਾਨ ਸਭਾ ਵੱਲ ਮਾਰਚ ਕਰਦੇ ਅਧਿਆਪਕਾਂ ‘ਤੇ ਲਾਠੀਚਾਰਜ ਕਰਨ ਤੇ ਅੱਥਰੂ ਗੋਲੇ ਦਾਗਣ ਦੀ ਵੱਖ ਵੱਖ ਵੱਲੋਂ ਜਥੇਬੰਦੀਆਂ ਵਲੋਂ ਸਖਤ ਨਿਖੇਧੀ
ਫਾਜ਼ਿਲਕਾ ,13 ਮਾਰਚ(2026)
ਸਰਵਿਸ ਵਿੱਚ ਬਣੇ ਰਹਿਣ ਅਤੇ ਪ੍ਰਮੋਸ਼ਨਾਂ ਵਿੱਚ ਠੋਸੇ ਜਬਰੀ ਟੈਟ ਦੇ ਖਿਲਾਫ ਪੰਜਾਬ ਦੇ ਅਧਿਆਪਕਾਂ ਵੱਲੋਂ ਚੰਡੀਗੜ੍ਹ ਵਿਖੇ ਵਿਧਾਨ ਸਭਾ ਵੱਲ ਮਾਰਚ ਕਰਨ ਦੇ ਦਿੱਤੇ ਸੱਦੇ ਤਹਿਤ ਅੱਜ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਵੱਲੋਂ ਵਿਧਾਨ ਸਭਾ ਵੱਲ ਕੀਤੇ ਜਾ ਰਹੇ ਮਾਰਚ ‘ਤੇ ਪੰਜਾਬ ਸਰਕਾਰ ਵੱਲੋਂ ਕੀਤੇ ਤਸ਼ੱਦਦ, ਪਾਣੀ ਦੀਆਂ ਬੁਛਾੜਾਂ ਮਾਰਨ ਅਤੇ ਅੱਥਰੂ ਗੋਲੇ ਦਾਗਣ ਦੀ ਡੈਮੋਕਰੇਟਿਕ ਟੀਚਰਜ਼ ਫਰੰਟ, 4161 ਮਾਸਟਰ ਕਾਡਰ ਯੂਨੀਅਨ,6635 ਅਧਿਆਪਕ ਯੂਨੀਅਨ,ਕਿਰਤੀ ਕਿਸਾਨ ਯੂਨੀਅਨ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸਖਤ ਨਿਖੇਧੀ ਕੀਤੀ ਗਈ ਹੈ।
ਇਸ ਸਬੰਧੀ ਬਿਆਨ ਜਾਰੀ ਕਰਦਿਆਂ
ਜਥੇਬੰਦੀਆਂ ਦੇ ਆਗੂਆਂ ਗੁਰਵਿੰਦਰ ਸਿੰਘ, ਸੰਦੀਪ ਗਿੱਲ,ਸ਼ਲਿੰਦਰ ਕੰਬੋਜ, ਦੀਪਕ ਕੰਬੋਜ,ਸੁਖਚੈਨ ਸਿੰਘ ਅਜਾਦ ਅਤੇ ਧੀਰਜ ਫਾਜ਼ਿਲਕਾ ਨੇ ਕਿਹਾ ਕਿ ਪੰਜਾਬ ਦੇ ਅਧਿਆਪਕ ਸੁਪਰੀਮ ਕੋਰਟ ਵੱਲੋਂ ਦੇਸ਼ ਭਰ ਦੇ ਅਧਿਆਪਕਾਂ ਨੂੰ ਸਰਵਿਸ ਵਿੱਚ ਬਣੇ ਰਹਿਣ ਅਤੇ ਪ੍ਰਮੋਸ਼ਨਾ ਸਮੇਂ ਜਬਰੀ ਟੈਸਟ ਲੈਣ ਦੇ ਦਿੱਤੇ ਫੈਸਲੇ ਦੇ ਖਿਲਾਫ ਪੰਜਾਬ ਦੇ ਅਧਿਆਪਕ ਪਿਛਲੇ ਦੋ ਮਹੀਨੇ ਤੋਂ ਸੰਘਰਸ਼ ਕਰ ਰਹੇ ਹਨ ਅਤੇ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਹ ਪੰਜਾਬ ਦੇ ਅਧਿਆਪਕਾਂ ਦੀਆਂ ਸਰਵਿਸਾਂ ਨੂੰ ਸੁਰੱਖਿਅਤ ਕਰਦਿਆਂ ਵਿਧਾਨ ਸਭਾ ਵਿੱਚ ਮਤਾ ਪਾਸ ਕਰੇ ਅਤੇ ਸੁਪਰੀਮ ਕੋਰਟ ਵਿੱਚ ਸਰਕਾਰ ਰਿਵਿਊ ਪਟੀਸ਼ਨ ਪਾਵੇ। ਇਸ ਮੰਗ ਲਈ ਪੰਜਾਬ ਦੇ ਸਮੂਹ ਅਧਿਆਪਕਾਂ ਵੱਲੋਂ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਗਏ ਪਰ ਸਰਕਾਰ ਵੱਲੋਂ ਇਸ ਬਾਰੇ ਕੋਈ ਵੀ ਨਿਰਣਾ ਨਹੀਂ ਲਿਆ ਗਿਆ ਜਿਸ ਕਰਕੇ ਇਸ ਮੰਗ ਨੂੰ ਲੈ ਕੇ ਅੱਜ ਪੰਜਾਬ ਦੇ ਹਜ਼ਾਰਾਂ ਅਧਿਆਪਕ ਵਿਧਾਨ ਸਭਾ ਦੇ ਚਲਦੇ ਸੈਸ਼ਨ ਤਹਿਤ ਵਿਧਾਨ ਸਭਾ ਵੱਲ ਮਾਰਚ ਕਰ ਰਹੇ ਸਨ ਸਰਕਾਰ ਵੱਲੋਂ ਕੋਈ ਯੋਗ ਹੱਲ ਕੱਢਣ ਦੀ ਬਜਾਏ ਅਧਿਆਪਕਾਂ ਤੇ ਬੇਇੰਤਹਾ ਤਸ਼ੱਦਦ ਲਾਠੀਚਾਰਜ ਅਤੇ ਅੱਥਰੂ ਗੋਲੇ ਦਾਗੇ ਗਏ ਹਨ ਜਿਸ ਨਾਲ ਬਹੁਤ ਸਾਰੇ ਅਧਿਆਪਕ ਜਖਮੀ ਹੋਏ ਅਤੇ ਅਤੇ ਸੈਂਕੜਿਆਂ ਅਧਿਆਪਕਾਂ ਦੀਆਂ ਪੱਗਾਂ ਲੱਥ ਗਈਆਂ।
ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਅਧਿਆਪਕਾਂ ਦੀ ਜਾਇਜ਼ ਮੰਗ ਦਾ 16 ਮਾਰਚ ਤੱਕ ਕੋਈ ਯੋਗ ਹੱਲ ਨਾ ਕੱਢਿਆ ਤਾਂ 17 ਮਾਰਚ ਨੂੰ ਬਲਾਕਾਂ ਅਤੇ ਜ਼ਿਲਾ ਪੱਧਰ ‘ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ ਜਿਸ ਵਿੱਚ ਡੀਟੀਐਫ ਵੱਡੇ ਪੱਧਰ ਤੇ ਸ਼ਮੂਲੀਅਤ ਕਰੇਗੀ।