
ਨੌਕਰੀ ਕਰਦੇ ਅਧਿਆਪਕਾਂ ਉਪਰ ਟੈੱਟ ਦੀ ਸ਼ਰਤ ਲਾਗੂ ਕਰਨ ਦੇ ਵਿਰੋਧ ਵਿੱਚ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ
ਸੂਬੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ 2011 ਤੋਂ ਪਹਿਲਾਂ ਭਰਤੀ ਅਧਿਆਪਕਾਂ ਨੂੰ ਨੌਕਰੀ ਵਿੱਚ ਬਣੇ ਰਹਿਣ ਅਤੇ ਤਰੱਕੀ ਹਾਸਲ ਕਰਨ ਲਈ ਟੈੱਟ( ਟੀਚਰ ਐਲੀਜੀਬਿਲਟੀ ਟੈਸਟ) ਪਾਸ ਕਰਨ ਦੀ ਸ਼ਰਤ ਥੋਪਣ ਦੇ ਖਿਲਾਫ ਅੱਜ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ । ਇਸੇ ਕੜੀ ਤਹਿਤ ਜਿਲ੍ਹਾ ਅੰਮ੍ਰਿਤਸਰ ਵਿਖੇ ਵੀ ਜਿਲ੍ਹੇ ਦੀਆ ਸਮੂਹ ਲੜਾਕੂ ਜਥੇਬੰਦੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਅਧਿਆਪਕਾਂ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸਦੀ ਅਗਵਾਈ ਸੁੱਚਾ ਸਿੰਘ ਟਰਪਈ, ਅਸ਼ਵਨੀ ਅਵਸਥੀ, ਸੰਤ ਸੇਵਕ ਸਿੰਘ ਸਰਕਾਰੀਆ,ਉਕਾਂਰ ਸਿੰਘ, ਅਵਤਾਰ ਸਿੰਘ ਕੀਤੀ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕੀਤਾ ਕਿ 20-25 ਸਾਲ ਸੇਵਾ ਨਿਭਾ ਚੁੱਕੇ ਅਧਿਆਪਕਾਂ ਉਪਰ ਟੈੱਟ ਪਾਸ ਕਰਨ ਦੀ ਸ਼ਰਤ ਥੋਪਣਾ ਗੈਰ ਵਿਗਿਆਨਿਕ ਅਤੇ ਤਰਕਹੀਣ ਹੈ। ਕਿਉਂਕਿ ਅਧਿਆਪਕ ਉਸ ਸਮੇਂ ਭਰਤੀ ਦੀਆਂ ਸੇਵਾ ਸ਼ਰਤਾਂ ਅਤੇ ਨਿਯਮਾਂ ਅਨੁਸਾਰ ਯੋਗਤਾ ਪੂਰੀ ਕਰਕੇ ਨੌਕਰੀ ਵਿੱਚ ਆਏ ਸਨ। ਏਨੇ ਸਮੇਂ ਬਾਦ ਨਵੇਂ ਨਿਯਮ ਲਾਉਣਾ ਕੁਦਰਤੀ ਨਿਆਂ ਪ੍ਰਣਾਲੀ ਦੇ ਵਿਰੁੱਧ ਹੈ। ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦੇ ਕੇ ਇਹ ਟੈਸਟ ਥੋਪਣ ਨੂੰ ਦੋਨੋ ਸਰਕਾਰਾਂ ਕਾਹਲੀਆਂ ਹਨ ਜਦ ਕਿ ਸੁਪਰੀਮ ਕੋਰਟ ਦੇ ਜੋ ਫੈਸਲੇ ਲੋਕ ਹਿੱਤਾਂ ਵਿੱਚ ਹੋਏ ਹਨ ਉਹਨਾਂ ਨੂੰ ਲਾਗੂ ਕਰਨ ਵਿੱਚ ਸਰਕਾਰਾਂ ਡੰਗ ਟਪਾਊ ਨੀਤੀ ਵਰਤਦੀਆਂ ਹਨ। ਆਗੂਆਂ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਸਬੰਧੀ ਸੰਸਦ ਵਿੱਚ ਕਨੂੰਨ ਪਾਸ ਕਰੇ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਇਸ ਸਬੰਧੀ ਕਾਹਲੀ ਨਾਂ ਕਰਕੇ ਅਧਿਆਪਕਾਂ ਦੇ ਹਿੱਤਾਂ ਦੀ ਰਾਖੀ ਕਰੇ। ਨਹੀਂ ਤਾਂ 22 ਫਰਵਰੀ ਨੂੰ ਪੰਜਾਬ ਭਰ ਦੇ ਅਧਿਆਪਕ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ,ਤੇ ਮਹਾਂ ਰੈਲੀ ਕਰਨਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਤਿੱਖੇ ਪ੍ਰੋਗਰਾਮ ਕੀਤੇ ਜਾਣਗੇ। ਇਸ ਮੌਕੇ ‘ਤੇ ਸਿੱਖਿਆ ਵਿਭਾਗ ਵੱਲੋਂ 7 ਫਰਵਰੀ 2026 ਨੂੰ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ ਫੂਕੀਆਂ ਗਈਆਂ ਜਿਸ ਵਿੱਚ ਮਾਸਟਰ ਕਾਡਰ ਦੀਆਂ ਪਦਉਨਤੀਆਂ ਲਈ ਟੀ.ਈ.ਟੀ. ਪਾਸ ਦੀ ਸ਼ਰਤ ਲਗਾ ਦਿੱਤੀ ਗਈ ਹੈ ਅਤੇ 14 ਸਤੰਬਰ 2017 ਨੂੰ ਜਾਰੀ ਕੀਤਾ ਪੱਤਰ ਜਿਸ ਵਿੱਚ ਟੀ ਈ ਟੀ ਤੋਂ ਛੋਟ ਨੂੰ ਰੱਦ ਕਰ ਕੀਤਾ ਗਿਆ ਹੈ । ਇਸ ਮੌਕੇ ਤੇ ਹਰਵਿੰਦਰ ਸਿੰਘ ਸੁਲਤਾਨਵਿੰਡ, ਗੁਰਬਿੰਦਰ ਸਿੰਘ ਖਹਿਰਾ,ਅਮਰੀਕ ਸਿੰਘ, ਧਰਮਿੰਦਰ ਸਿੰਘ, ਹਰਪ੍ਰੀਤ ਸਿੰਘ ਸੋਹੀਆਂ, ਹਰਮਨਦੀਪ ਸਿੰਘ ਭੰਗਾਲੀ, ਨਿਰਮਲ ਸਿੰਘ, ਹੀਰਾ ਸਿੰਘ ਭੱਟੀ, ਰਣਬੀਰ ਸਿੰਘ ਛਿੱਡਣ, ਕੁਲਦੀਪ ਸਿੰਘ ਵਰਨਾਂਲੀ,ਮੈਡਮ ਕਵਲਜੀਤ ਕੌਰ,ਮੈਡਮ ਮੋਨਿਕਾ ਸੋਨੀ ਵੀ ਹਾਜਰ ਸਨ