
*ਠੀਕ ਪ੍ਰਬੰਧ ਨਾਂ ਹੋਣ ਕਰਕੇ ਹਾਦਸੇ ਦੇ ਸ਼ਿਕਾਰ ਅਧਿਆਪਕ ਜੋੜੇ ਦੀ ਮੌਤ ਦਾ ਜਿੰਮੇਵਾਰ ਚੋਣ ਕਮਿਸ਼ਨ ਅਤੇ ਸਰਕਾਰ-ਡੀ.ਟੀ.ਐੱਫ.**ਚੋਣ ਕਮਿਸ਼ਨ ਦੇ ਗੈਰ ਮਿਆਰੀ ਪ੍ਰਬੰਧਾਂ ਦਾ ਸ਼ਿਕਾਰ ਹੋਏ ਹਜਾਰਾਂ ਅਧਿਆਪਕ/ਕਰਮਚਾਰੀ*
ਅੱਜ ਸਵੇਰੇ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀ ਚੋਣ ਡਿਊਟੀ ‘ਤੇ ਜਾ ਰਹੇ ਮੋਗਾ ਜਿਲ੍ਹੇ ਦੇ ਪਿੰਡ ਸੰਗਤਪੁਰਾ ਕੋਲ ਅਧਿਆਪਕ ਜੋੜੇ ਜਸਕਰਨ ਸਿੰਘ ਭੁੱਲਰ (ਵਾਸੀ ਧੂੜਕੋਟ ਰਣਸੀਂਹ) ਅਤੇ ਉਹਨਾਂ ਦੀ ਪਤਨੀ ਦੀ ਸੰਘਣੀ ਧੁੰਦ ਕਾਰਨ ਕਾਰ ਸੂਏ ਦੇ ਪਾਣੀ ਵਿੱਚ ਡਿਗਣ ਕਾਰਣ ਮੌਕੇ ‘ਤੇ ਬੇਵਕਤੀ ਮੌਤ ਹੋ ਗਈ ਹੈ। ਜੱਥੇਬੰਦੀ ਨੇ ਅਫਸੋਸ਼ ਪ੍ਰਗਟ ਕਰਦੀਆਂ ਕਿਹਾ ਕਿ ਅਜਿਹੇ ਹਾਦਸੇ ਪਹਿਲੀ ਵਾਰ ਨਹੀਂ ਹੋਏ। ਹਰ ਵਾਰ ਚੋਣਾਂ ਵਿੱਚ ਕੋਈ ਨਾਂ ਕੋਈ ਮੰਦਭਾਗੀ ਘਟਨਾ ਵਾਪਰਦੀ ਰਹੀਂ ਹੈ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਚੋਣ ਕਮਿਸ਼ਨ ਅਤੇ ਮੌਕੇ ਦੀਆਂ ਸਰਕਾਰਾਂ ਇਸ ਉਪਰ ਕੋਈ ਸੰਜੀਦਗੀ ਨਹੀਂ ਦਿਖਾਉਂਦੀਆਂ। ਚੋਣਾਂ ਦੌਰਾਨ ਲੱਗੇ ਚੋਣ ਅਮਲੇ ਨੂੰ ਬਹੁਤ ਵੱਡੇ ਪੱਧਰ ‘ਤੇ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਚੋਣ ਕਮਿਸ਼ਨ ਵੱਲੋਂ ਵੱਡੇ ਪੱਧਰ ‘ਤੇ ਅਧਿਆਪਕਾਂ ਨੂੰ ਚੋਣ ਡਿਊਟੀਆਂ ਵਿੱਚ ਲਗਾ ਕੇ ਸਕੂਲਾਂ ਨੂੰ ਖਾਲੀ ਕਰ ਦਿੱਤਾ ਜਾਂਦਾ ਹੈ, ਜਿਸ ਕਰਕੇ ਬੱਚਿਆਂ ਦੀ ਪੜਣ ਪੜ੍ਹਾਉਣ ਦੀ ਪ੍ਰਕਿਰਿਆ ਉਪਰ ਬੁਰਾ ਅਸਰ ਪੈਂਦਾ ਹੈ। ਚੋਣਾਂ ਦੌਰਾਨ ਸੁਰੱਖਿਅਤ ਪ੍ਰਬੰਧਾਂ ਦੀ ਘਾਟ ਅਜਿਹੇ ਹਾਦਸਿਆਂ ਦਾ ਕਾਰਨ ਬਣਦੇ ਹਨ।ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਪ੍ਰੈਸ ਬਿਆਨ ਜਾਰੀ ਕਰਦੀਆਂ ਕਿਹਾ ਕਿ ਜੱਥੇਬੰਦੀ ਵੱਲੋਂ ਚੋਣਾਂ ਦੌਰਾਨ ਲੱਗਦੀਆਂ ਡਿਊਟੀਆਂ ਵਿਚਕਾਰ ਮੰਗ ਕਰਦਿਆਂ ਪਹਿਲਾਂ ਹੀ ਕਿਹਾ ਸੀ ਕਿ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਅਤੇ ਅਧਿਆਪਕਾਂ ਦੀ ਡਿਊਟੀ ਬਾਕੀ ਮੁਲਾਜਮਾਂ ਦੇ ਅਨੁਪਾਤਕ ਲਗਾਈ ਜਾਵੇ, ਸਾਰਾ ਸਾਲ ਚੱਲਣ ਵਾਲਾ ਕੰਮ ਹੋਣ ਕਰਕੇ ਬੀ ਐਲ ਓਜ਼ ਨੂੰ ਡਿਊਟੀ ਤੋਂ ਛੋਟ ਡਿਊਟੀ ਤੋਂ ਛੋਟ ਦੇਣ, ਸਾਰੀਆਂ ਚੋਣ ਡਿਊਟੀਆਂ ਮੁਲਾਜਮਾਂ ਦੇ ਸਬੰਧਤ ਰਿਹਾਇਸ਼ੀ ਅਤੇ ਵਰਕਿੰਗ ਬਲਾਕਾਂ ਵਿੱਚ ਦੇ ਅੰਦਰ ਲਗਾਉਣ, ਪੋਲਿੰਗ ਸਟਾਫ ਨੂੰ ਲੋਕ ਸਭਾ ਵਿਧਾਨ ਸਭਾ ਪੈਟਰਨ ਤੇ ਬਣਦਾ ਮਾਣ ਭੱਤਾ ਦੇਣ, ਵਿਧਵਾ, ਤਲਾਕਸ਼ੁਦਾ, ਛੋਟੇ ਬੱਚਿਆਂ ਦੀਆਂ ਮਾਵਾਂ, ਗਰਭਵਤੀ ਮਹਿਲਾਵਾਂ ਅਤੇ ਗੰਭੀਰ ਬਿਮਾਰੀ ਨਾਲ ਪੀੜਿਤ ਮੁਲਾਜਮਾਂ ਨੂੰ ਚੋਣ ਡਿਊਟੀ ਤੋਂ ਛੋਟ, ਕੱਪਲ ਕੇਸ ਵਿੱਚ ਕਿਸੇ ਇਕ ਨੂੰ ਡਿਊਟੀ ਤੋਂ ਛੋਟ ਦੇਣ ਸਬੰਧੀ ਮੰਗ ਪਤਰ ਦਿੱਤੇ ਗਏ ਸਨ।ਪ੍ਰੰਤੂ ਜਿਲ੍ਹਾ ਅਧਿਕਾਰੀਆਂ ਵੱਲੋਂ ਅਧਿਆਪਕਾਂ ਦੀਆਂ ਇਹਨਾਂ ਮੰਗਾ ਨੂੰ ਅਣਗੋਲਿਆ ਕਰਦਿਆਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਬਹੁਤ ਸਾਰੀਆਂ ਔਰਤ ਮੁਲਾਜ਼ਮਾਂ ਦੀਆਂ ਡਿਊਟੀਆਂ ਦੂਰ ਦੁਰੇਡੇ ਲਗਾਈ ਗਈ। ਪੋਲਿੰਗ ਬੂਥਾਂ ਉਪਰ ਚੋਣ ਅਮਲੇ ਲਈ ਰਹਿਣ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਉਹਨਾਂ ਨੂੰ ਬਹੁਤ ਗੰਭੀਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।ਆਗੂਆਂ ਨੇ ਕਿਹਾ ਕਿ ਜਿਹੜੇ ਕਰਮਚਾਰੀ ਕਿਸੇ ਸਮੱਸਿਆ ਕਰਕੇ ਨਹੀਂ ਜਾ ਪਾਏ ਉਹਨਾਂ ਨੂੰ ਪ੍ਰਸਾਸ਼ਨ ਵੱਲੋਂ ਪਰਚੇ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਦੂਸਰੇ ਪਾਸੇ ਪ੍ਰਸ਼ਾਸਨ ਨਾਕਸ ਪ੍ਰਬੰਧਾਂ ਦੇ ਮਾਮਲੇ ਵਿੱਚ ਆਪਣੀ ਨਾਕਾਮੀ ਉਪਰ ਪਰਦਾ ਪਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਜਿਹੜੇ ਅਧਿਆਪਕ ਜੋੜੇ ਦੀ ਡਿਊਟੀ ਦੌਰਾਨ ਮੌਤ ਹੋਈ ਉਹਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ ਅਤੇ ਚੋਣ ਅਮਲੇ ਦੀ ਸੁਰੱਖਿਆ ਦਾ ਬਣਦਾ ਪ੍ਰਬੰਧ ਕਰਨ ਦੇ ਨਾਲ ਚੋਣ ਡਿਊਟੀਆਂ ਦੇ ਮਾਮਲੇ ‘ਤੇ ਰੱਖੇ ਜਾਂਦੇ ਬਾਕੀ ਮਸਲੇ ਵੀ ਹੱਲ ਕੀਤੇ ਜਾਣ।