
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੁਹੰਮਦ ਅਮੀਰਾ ਦੀ ਚੜ੍ਹਤ; ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵਧਾਇਆ ਮਾਣ
ਫਾਜ਼ਿਲਕਾ: ਸਿੱਖਿਆ ਵਿਭਾਗ ਪੰਜਾਬ ਵੱਲੋਂ ਐਲਾਨੇ ਪੰਜਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੁਹੰਮਦ ਅਮੀਰਾ ਦਾ ਦਬਦਬਾ ਇਸ ਸਾਲ ਵੀ ਕਾਇਮ ਰਿਹਾ। ਸਕੂਲ ਦੀ ਪ੍ਰਤਿਭਾਸ਼ਾਲੀ ਵਿਦਿਆਰਥਣ ਕਵਿਤਾ ਰਾਣੀ ਨੇ ਆਪਣੀ ਮਿਹਨਤ ਸਦਕਾ 500 ਵਿੱਚੋਂ 500 ਅੰਕ ਹਾਸਲ ਕਰਕੇ ਸਿਖਰਲੀ ਪੁਜੀਸ਼ਨ ਹਾਸਲ ਕੀਤੀ, ਜਦਕਿ ਮੋਨਿਕਾ ਰਾਣੀ ਸੁਪੁੱਤਰੀ ਸ਼੍ਰੀ ਲਖਵਿੰਦਰ ਸਿੰਘ ਨੇ 99 ਫੀਸਦੀ ਅੰਕਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।ਸਕੂਲ ਲਈ ਮਾਣ ਵਾਲੀ ਗੱਲ ਇਹ ਰਹੀ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਿਸ਼ਨ ਸਮਰੱਥ ਅਧੀਨ ਬਿਹਤਰੀਨ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਦੀਆਂ ਬੈਸਟ ਟੀਚਿੰਗ ਪ੍ਰੈਕਟਿਸਿਜ਼ ਦਾ ਜੋ ਵਿਸ਼ੇਸ਼ ਸੰਗ੍ਰਹਿ (ਕੰਪੈਂਡੀਅਮ) ਜਾਰੀ ਕੀਤਾ ਗਿਆ ਹੈ, ਉਸ ਵਿੱਚ ਅਧਿਆਪਕਾ ਸ਼ੈਲ ਕੁਮਾਰੀ ਦੀਆਂ ਨਿਵੇਕਲੀਆਂ ਸਿੱਖਿਆ ਵਿਧੀਆਂ ਨੂੰ ਸ਼ਾਮਲ ਕਰਕੇ ਉਨ੍ਹਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਹੈ।ਸਕੂਲ ਇੰਚਾਰਜ ਮਮਤਾ ਸਚਦੇਵਾ, ਅਧਿਆਪਕਾ ਸ਼ੈਲ ਕੁਮਾਰੀ ਅਤੇ ਰਾਧਿਕਾ ਅਰੋੜਾ ਦੀ ਤਿਕੜੀ ਦੀ ਅਣਥੱਕ ਮਿਹਨਤ ਸਦਕਾ ਸਕੂਲ ਦਾ ਨਤੀਜਾ ਹਰ ਸਾਲ ਸੌ ਫੀਸਦੀ ਰਹਿੰਦਾ ਹੈ। ਵਿਭਾਗ ਅਤੇ ਇਲਾਕਾ ਨਿਵਾਸੀਆਂ ਨੇ ਸਮੂਹ ਸਟਾਫ਼ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਅਜਿਹੇ ਮਿਹਨਤੀ ਅਧਿਆਪਕਾਂ ਸਦਕਾ ਹੀ ਸਰਕਾਰੀ ਸਕੂਲ ਬੁਲੰਦੀਆਂ ਨੂੰ ਛੂਹ ਰਹੇ ਹਨ।