
ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਵੱਲੋਂ ਕਰਵਾਇਆ ਕਵੀ ਦਰਬਾਰ ਸਮੇਲਨ ਭਾਗ 2

ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਰਵਿੰਦਰ ਕੌਰ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਲੁਧਿਆਣਾ ਵਿਖੇ ਦੂਜੀ ਵਾਰੀ ਸਿੱਖਿਆ ਵਿਭਾਗ ਵਿੱਚ ਸੇਵਾ ਨਿਭਾ ਰਹੇ ਅਧਿਆਪਕਾਂ ਦੀਆਂ ਰੁੱਚੀਆਂ ਨੂੰ ਪ੍ਰਫੁਲਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਦਿਆਂ ਅੱਜ ਕਵੀ ਦਰਬਾਰ ਪੰਜਾਬੀ ਭਵਨ ਹਾਲ ਵਿੱਚ ਕਰਵਾਇਆ ਗਿਆ,

ਜਿਸ ਵਿੱਚ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਸਨਮਾਨਯੋਗ ਅਧਿਆਪਕ ਕਵੀ ਸਾਹਿਬਾਨ ਨੇ ਭਾਗ ਲਿਆ। ਇਸ ਕਵੀ ਦਰਬਾਰ ਵਿੱਚ ਸਾਹੀ ਇਮਾਮ ਪੰਜਾਬ ਮੋਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਜੀ ਸਨਮਾਨਯੋਗ ਸਖਸੀਅਤ ਵਜੋ ਹਾਜ਼ਰ ਹੋਏ। ਇਸ ਸਮਾਗਮ ਵਿੱਚ ਵਿਧਾਇਕ ਆਤਮਨਗਰ ਲੁਧਿਆਣਾ ਸ੍ਰੀ ਕੁਲਵੰਤ ਸਿੰਘ ਸਿੱਧੂ ਜੀ ਦੇ ਸਪੁੱਤਰ ਸ੍ਰੀ ਸਵਰਾਜ ਸਿੰਘ ਸਿੱਧੂ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਅਤੇ ਅਧਿਆਪਕ ਸਾਹਿਬਾਨ ਦੇ ਹੁਨਰ ਦੀ ਵਿਸ਼ੇਸ਼ ਦਾਦ ਦਿੱਤੀ ਅਤੇ ਦੱਸਿਆ ਕਿ ਅਧਿਆਪਕ ਆਪਣੀ ਕਵਿਤਾਵਾਂ ਰਾਹੀਂ ਵਿਦਿਆਰਥੀਆਂ ਨੂੰ ਚੰਗੀਆਂ ਨੈਤਿਕ ਕਦਰਾਂ ਕੀਮਤਾਂ ਦੀ ਸਿੱਖਿਆ ਦਿੰਦੇ ਹਨ। ਵਿਧਾਇਕ ਆਤਮਨਗਰ ਲੁਧਿਆਣਾ ਸ੍ਰੀ ਕੁਲਵੰਤ ਸਿੰਘ ਸਿੱਧੂ ਜੀ ਦੇ ਸਪੁੱਤਰ ਸ੍ਰੀ ਸਵਰਾਜ ਸਿੰਘ ਸਿੱਧੂ ਅਤੇ ਸ੍ਰੀ ਤਰਲੋਚਨ ਲੋਚੀ ਉੱਘੇ ਕਵੀ ਜੀ ਨੇ ਸ਼ਮਾ ਰੋਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਸੰਵੇਦਨਸ਼ੀਲਤਾ ਤੇ ਸਾਹਿਤ ਸਬੰਧੀ ਕੀਤੇ ਵਿਸ਼ੇਸ਼ ਉਪਰਾਲਿਆਂ ਲਈ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਸ੍ਰੀਮਤੀ ਰਵਿੰਦਰ ਕੌਰ ਜੀ ਦੀ ਪ੍ਰਸ਼ੰਸਾ ਕੀਤੀ।ਆਪਣੀ ਕਿਸਮ ਦੇ ਨਿਵੇਕਲੇ ਕਵੀ ਦਰਬਾਰ ਦੌਰਾਨ 90 ਕਵੀ ਸਾਹਿਬਾਨ ਵਿੱਚੋਂ ਪਹਿਲੇ ਗੇੜ ਵਿੱਚ ਕੁੱਲ 22 ਕਵੀ ਸਾਹਿਬਾਨ ਵੱਲੋਂ ਅਤੇ ਅੱਜ 30 ਕਵੀ ਸਾਹਿਬਾਨਾ ਵਲੋਂ ਜਿੱਥੇ ਆਪਣੀਆਂ ਮੌਲਿਕ ਰਚਨਾਵਾਂ ਨਾਲ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ, ਉੱਥੇ ਹੀ “ਔਰਤ ਵਿਚਾਰੀ ਨਹੀ” ਕਵਿਤਾ ਮਧੂ ਬਾਲਾ ਗਰਗ ਵਲੋ ਅਤੇ ਹਾਸਰਸ ਕਵਿਤਾ “ਲੱਡੂ” ਹਰਪ੍ਰੀਤ ਸਿੰਘ ਵਲੋ, ਪ੍ਰੇਰਨਾਦਾਇਕ ਸ਼ਬਦਾਂ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮਤੀ ਰਵਿੰਦਰ ਜੀ ਕੋਲ ਵੱਲੋਂ ਆਪਣੀ ਮੌਲਿਕ ਕਵਿਤਾ ਦੀ ਪੇਸ਼ਕਾਰੀ ਕਰਦਿਆਂ ਰੰਗ ਬੰਨ੍ਹਿਆ। ਸ੍ਰੀ ਤਰਲੋਚਨ ਲੋਚੀ ਉੱਘੇ ਕਵੀ ਅਤੇ ਉੱਘੇ ਕਹਾਣੀਕਾਰ ਸ੍ਰੀ ਬਲਵਿੰਦਰ ਸਿੰਘ ਵੱਲੋਂ ਭਾਵ ਰੱਖਦਿਆਂ ਦੱਸਿਆ ਗਿਆ ਕਿ ਜੇਕਰ ਅਸੀਂ ਅਧਿਆਪਕਾਂ ਦੀ ਸਾਹਿਤਕ ਸਿਰਜਣਾ ਨੂੰ ਸਾਂਭ ਲਿਆ, ਬੱਚਿਆਂ ਨੂੰ ਸੰਭਾਲ ਲਿਆ,ਤਾਂ ਸਾਡਾ ਜਿਉਣਾ ਸਫ਼ਲ ਹੋ ਜਾਵੇਗਾ। ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਮਨੋਜ ਕੁਮਾਰ ਜੀ, ਸ.ਭਾਗ ਸਿੰਘ ਭੱਟੀ ਜੀ ਅਤੇ ਸੀਨੀਅਰ ਸਹਾਇਕ ਪਰਤਾਪਇੰਦਰਵੀਰ ਸਿੰਘ ਵੱਲੋਂ ਵੀ ਆਪਣਾ ਹੁਨਰ ਦਿਖਾਉਂਦਿਆਂ ਬਾਕਮਾਲ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਉੱਘੇ ਗਾਇਕ ਮੁਹੰਮਦ ਸਦੀਕ ਜੀ ਨਾਲ ਸਟੇਜ ਸਾਝੀ ਕਰਨ ਵਾਲੇ ਲੈਕਚਰਾਰ ਮੈਡਮ ਸੁਖਜੀਤ ਕੌਰ ਵਲੋਂ ਵੀ ਆਪਣੀ ਗਾਇਕੀ ਨਾਲ ਰੰਗ ਬੰਨ੍ਹਿਆ। ਇਸ ਮੌਕੇ ਇੰਦੂ ਸੂਦ ਅਤੇ ਸੁਖਦੇਵ ਸਿੰਘ (ਦੋਵੇਂ ਬੀ.ਪੀ.ਈ.ਓ), ਜ਼ਿਲਾ ਕੋਆਰਡੀਨੇਟਰ ਮਨਮੀਤ ਪਾਲ ਸਿੰਘ, ਜਸਵਿੰਦਰ ਸਿੰਘ ਰਾਏਕੋਟੀ, ਵਿਸ਼ਾਲ ਕੁਮਾਰ, ਗੁਰਪ੍ਰੀਤ ਸਿੰਘ ਖਟੜਾ, ਮਨਦੀਪ ਕੌਰ , ਬਿਆਸ ਲਾਲ, ਰਾਕੇਸ਼ ਤੇਜਪਾਲ ਜਾਨੀ, ਜਗਜੀਤ ਝਾਂਡੇ, ਗੁਰਦੀਪ ਸੈਣੀ, ਜਤਿੰਦਰ ਹਾਂਸ ਕਹਾਣੀਕਾਰ, ਵਿਪਨਦੀਪ ਕੌਰ, ਤਰਨਪ੍ਰੀਤ ਕੌਰ, ਅਮਰਿੰਦਰ ਜੌਨੀ, ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ। ਅੰਤ ਇਹ ਸਮਾਗਮ ਇੱਕ ਨਵੀਂ ਛਾਪ ਛੱਡਦਾ ਯਾਦਗਾਰ ਹੋਰ ਨਿਬੜਿਆ।