ਬਹਾਦਰ ਖੇੜੇ ਸਕੂਲ ਦੇ ਹੈੱਡ ਟੀਚਰ ਸੁਨੀਲ ਕੁਮਾਰ ਨੇ ਰਾਸ਼ਟਰੀ ਪੱਧਰ ‘ਤੇ ਚਮਕਾਇਆ ਜ਼ਿਲ੍ਹੇ ਦਾ ਨਾਂ ਟੀ ਐਲ ਐਮ ਲੀਗ ਵਿੱਚ ਬਣੇ ਦੇਸ਼ ਦੇ ਚੋਟੀ ਦੇ 14 ਜੇਤੂਆਂ ਵਿੱਚੋਂ ਇੱਕ

ਬਹਾਦਰ ਖੇੜੇ ਸਕੂਲ ਦੇ ਹੈੱਡ ਟੀਚਰ ਸੁਨੀਲ ਕੁਮਾਰ ਨੇ ਰਾਸ਼ਟਰੀ ਪੱਧਰ ‘ਤੇ ਚਮਕਾਇਆ ਜ਼ਿਲ੍ਹੇ ਦਾ ਨਾਂ ਟੀ ਐਲ ਐਮ ਲੀਗ ਵਿੱਚ ਬਣੇ ਦੇਸ਼ ਦੇ ਚੋਟੀ ਦੇ 14 ਜੇਤੂਆਂ ਵਿੱਚੋਂ ਇੱਕ

ਜ਼ਿਲ੍ਹਾ ਫਾਜ਼ਿਲਕਾ ਦੇ ਬਲਾਕ ਅਬੋਹਰ ਇੱਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਹਾਦਰ ਖੇੜਾ ਦੇ ਹੈੱਡ ਟੀਚਰ ਸੁਨੀਲ ਕੁਮਾਰ ਨੇ ਸਿੱਖਿਆ ਦੇ ਖੇਤਰ ਵਿੱਚ ਇੱਕ ਵੱਡੀ ਰਾਸ਼ਟਰੀ ਪ੍ਰਾਪਤੀ ਹਾਸਲ ਕਰਕੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਂ ਪੂਰੇ ਦੇਸ਼ ਵਿੱਚ ਰੌਸ਼ਨ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ਼ ਕੁਮਾਰ ਨੇ ਦੱਸਿਆ ਕਿ ਭਾਰਤੀ ਏਅਰਟੈੱਲ ਫਾਊਂਡੇਸ਼ਨ ਵੱਲੋਂ ਰਾਸ਼ਟਰੀ ਪੱਧਰ ਤੇ ਟੀ ਐਲ ਐਮ ਲੀਗ ਮੁਕਾਬਲੇ ਵਿੱਚ ਸੁਨੀਲ ਕੁਮਾਰ ਨੂੰ ਦੇਸ਼ ਭਰ ਦੇ ਚੋਟੀ ਦੇ 14 ਨਵੀਨਤਾਕਾਰੀ ਅਧਿਆਪਕਾਂ ਵਿੱਚ ਚੁਣਿਆ ਗਿਆ ਅਤੇ ਸਨਮਾਨਿਤ ਕੀਤਾ ਗਿਆ।
ਇਸ ਸਬੰਧੀ ਹੋਰ ਜਾਣਕਾਰੀ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਜੇ ਛਾਬੜਾ ਨੇ ਦੱਸਿਆ ਕਿ ਸੁਨੀਲ ਕੁਮਾਰ ਨੇ 1728 ਪ੍ਰਤੀਭਾਗੀਆਂ ਵਿੱਚੋਂ ਬਾਜ਼ੀ ਮਾਰੀ ਹੈ।ਦੱਸਣਯੋਗ ਹੈ ਕਿ ਇਸ ਮੁਕਾਬਲੇ ਵਿੱਚ ਦੇਸ਼ ਦੇ 16 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ 1728 ਅਧਿਆਪਕ ਦੁਆਰਾ ਭਾਗ ਲਿਆ ਗਿਆ ਸੀ । ਸੁਨੀਲ ਕੁਮਾਰ ਵੱਲੋਂ ਤਿਆਰ ਕੀਤੇ ਗਏ ਨਵੀਨਤਾਕਾਰੀ ‘ਟੀਚਿੰਗ ਲਰਨਿੰਗ ਮਟੀਰੀਅਲ’ (ਟੀ ਐਲ ਐਮ) ਨੂੰ ਕਲਾਸਰੂਮ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਪ੍ਰਭਾਵਸ਼ਾਲੀ ਅਤੇ ਦਿਲਚਸਪ ਬਣਾਉਣ ਲਈ ਸਰਵੋਤਮ ਮੰਨਿਆ ਗਿਆ।
ਉਹਨਾਂ ਦੱਸਿਆ ਕਿ 16 ਜਨਵਰੀ ਨੂੰ ਦਿੱਲੀ ਵਿਖੇ ਆਯੋਜਿਤ ਇਸ ਸਮਾਗਮ ਵਿੱਚ ਸੀ.ਬੀ.ਐੱਸ.ਈ. (CBSE) ਦੇ ਡਾਇਰੈਕਟਰ ਟ੍ਰੇਨਿੰਗ ਮਨੋਜ ਕੁਮਾਰ ਸ੍ਰੀਵਾਸਤਵ, ਨੀਤੀ ਆਯੋਗ ਦੇ ਅਧਿਕਾਰੀ ਲੈਫਟੀਨੈਂਟ ਕਰਨਲ ਜਿਤੇਂਦਰ ਵਰਮਾ ਅਤੇ ਭਾਰਤੀ ਐਂਟਰਪ੍ਰਾਈਜ਼ਿਜ਼ ਦੇ ਵਾਈਸ ਚੇਅਰਮੈਨ ਰਾਕੇਸ਼ ਭਾਰਤੀ ਮਿੱਤਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਉਨ੍ਹਾਂ ਨੇ ਸੁਨੀਲ ਕੁਮਾਰ ਵਰਗੇ ਅਧਿਆਪਕਾਂ ਨੂੰ ‘ਪਰਿਵਰਤਨ ਦੇ ਮੋਢੀ’ ਦੱਸਦਿਆਂ ਕਿਹਾ ਕਿ ਅਜਿਹੇ ਉਪਰਾਲੇ ਹੀ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੇ ਹਨ।
ਇਸ ਪ੍ਰਾਪਤੀ ਕਰਕੇ ਸਕੂਲ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ ਸੁਨੀਲ ਕੁਮਾਰ ਦੀ ਇਸ ਰਾਸ਼ਟਰੀ ਜਿੱਤ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਅਜੇ ਕੁਮਾਰ ਸ਼ਰਮਾ, ਨੈਸ਼ਨਲ ਆਵਾਰਡੀ ਅਧਿਆਪਕ ਲਵਜੀਤ ਸਿੰਘ ਗਰੇਵਾਲ,ਸੀ ਐੱਚ ਟੀ ਸੀਤੋ ਗੁੰਨੋ ਰਤਨ ਭੂਸ਼ਣ ,ਸਮੂਹ ਬੀਪੀਈਓ,ਵੱਖ ਵੱਖ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਸੁਨੀਲ ਕੁਮਾਰ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਵਿਦਿਆਰਥੀਆਂ ਅਤੇ ਸਹਿਯੋਗੀ ਸਟਾਫ਼ ਸਿਰ ਬੰਨ੍ਹਿਆ ਅਤੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੇ ਅਕਾਦਮਿਕ ਮੈਂਟਰ ਦਵਿੰਦਰ ਕੁਮਾਰ ਦਾ ਸਹਿਯੋਗ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ |ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਹਮੇਸ਼ਾ ਯਤਨ ਰਿਹਾ ਹੈ ਕਿ ਬੱਚਿਆਂ ਨੂੰ ਖੇਡ-ਖੇਡ ਅਤੇ ਨਵੇਂ ਮਾਡਲਾਂ ਰਾਹੀਂ ਸਿੱਖਿਆ ਦਿੱਤੀ ਜਾਵੇ ਤਾਂ ਜੋ ਵਿਦਿਆਰਥੀ ਸਰਵਉੱਚ ਸਿੱਖਿਆ ਹਾਸਿਲ ਕਰ ਸਕਣ।

Scroll to Top