
ਅਧਿਆਪਕਾਂ, ਸਕੂਲ ਮੁੱਖੀਆਂ ਤੇ ਸਿੱਖਿਆ ਅਧਿਕਾਰੀਆਂ ਨੂੰ ਖੱਜਲ ਖੁਆਰ ਕਰਨ ਦੀ ਨਿਖੇਧੀ
ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਅਰਨੀਵਾਲਾ ਵਿਖੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਪਾਠਕ੍ਰਮ ਵਿੱਚ ਇੱਕ ਸੰਖੇਪ ਤਬਦੀਲੀ ਲਾਗੂ ਕਰਨ ਸਬੰਧੀ ਇੱਕ ਸਿਆਸੀ ਰੈਲੀ ਨੁਮਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਜਿੱਥੇ ਛੇ ਜ਼ਿਲ੍ਹਿਆਂ ਮੋਗਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ ਅਤੇ ਬਠਿੰਡਾ ਆਦਿ ਜਿਲ੍ਹਿਆਂ ਦੇ ਹਜਾਰਾਂ ਹੈਡ ਮਾਸਟਰ, ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸਿੱਖਿਆ ਦੇ ਪ੍ਰਭਾਵਿਤ ਹੋਣ ਦੇ ਬਾਵਜੂਦ ਸੱਦਿਆ ਗਿਆ ਸੀ। ਇਹ ਸਭ ਸਰਕਾਰੀ ਬੱਸਾਂ ‘ਤੇ ਆਏ ਸਨ ਅਤੇ ਫਾਜ਼ਿਲਕਾ ਜਿਲੇ ਦੇ ਕਈ ਸਕੂਲਾਂ ਦੇ ਵਿਦਿਆਰਥੀ ਵੀ ਬੁਲਾਏ ਗਏ ਸਨ । ਇਸ ਤੋਂ ਇਲਾਵਾ ਲੈਂਡ ਪੂਲਿੰਗ ਪਾਲਿਸੀ ਖਿਲਾਫ਼ ਕਿਸਾਨੀ ਦਾ ਜਬਰਦਸਤ ਵਿਰੋਧ ਝੱਲ ਰਾਹੀਂ ਸਰਕਾਰ ਨੇ ਇਕੱਠ ਕਰਕੇ ਅਕਸ ਸੁਧਾਰਨ ਦੀ ਕੋਸ਼ਿਸ ਅਧੀਨ ਰਹਿੰਦੀ ਖੂੰਹਦੀ ਕਸਰ ਬਾਕੀ 17 ਜਿਲਿਆਂ ਦੇ ਡੀ.ਈ.ਓ, ਡਿਪਟੀ ਡੀ ਈ ਓ ਅਤੇ ਹੋਰ ਅਧਿਕਾਰੀਆਂ ਨੂੰ ਵੀ ਬੁਲਾ ਕੇ ਕੱਢੀ। ‘ਬਦਲਾਅ’ ਵਾਲੀ ਸਰਕਾਰ ਦੇ ਅੱਜ ਦੇ ਪ੍ਰੋਗਰਾਮ ਵਿੱਚ ਪ੍ਰਬੰਧ ਇੰਨੇ ਮਾੜੇ ਸਨ, ਇਹ ਅਧਿਆਪਕ ਇੱਕ ਚਾਹ ਦੇ ਕੱਪ ਲਈ ਵੱਡੀਆਂ ਕਤਾਰਾਂ ਵਿੱਚ ਖੜ੍ਹੇ ਨਜਰ ਆਏ। ਕਾਰ ਪਾਰਕਿੰਗ ਲਈ ਇੰਨੀ ਮਾੜੀ ਜਗ੍ਹਾ ਚੁਣੀ ਗਈ ਕਿ ਮੀਂਹ ਕਾਰਨ ਉੱਥੇ ਲੋਕਾਂ ਦੀਆਂ ਕਾਰਾਂ ਬੁਰੀ ਤਰ੍ਹਾਂ ਫਸ ਗਈਆਂ ਅਧਿਆਪਕ, ਪੁਲਿਸ ਵਾਲੇ ਗੱਡੀਆਂ ਨੂੰ ਧੱਕਾ ਲਾਉਂਦੇ ਦੇਖੇ ਗਏ ਟਰੈਕਟਰ ਆ ਟੋਚਨ ਪਾ ਪਾ ਕਈ ਗੱਡੀਆਂ ਕੱਢੀਆਂ। ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ, ਪੰਜਾਬ ਸਰਕਾਰ ਵੱਲੋਂ ਇੱਕ ਸਧਾਰਨ ਵਿੱਦਿਅਕ ਕਾਰਜ ਨੂੰ ਲੱਖਾਂ ਰੁਪਏ ਖ਼ਰਚ ਕੇ ਵੀਆਈਪੀ ਕਲਚਰ ਦੀ ਭੇਂਟ ਚਾੜਣ, ਅਧਿਆਪਕਾਂ ਦਾ ਕੀਮਤੀ ਸਮਾਂ ਖਰਾਬ ਕਰਨ, ਸਿਆਸੀ ਰੋਟੀਆਂ ਸੇਕਣ ਲਈ ਅਧਿਆਪਕਾਂ, ਸਿੱਖਿਆ ਅਧਿਕਾਰੀਆਂ, ਵਿਦਿਆਰਥੀਆਂ ਅਤੇ ਬਾਕੀ ਮੁਲਾਜ਼ਮਾਂ ਨੂੰ ਭਾਰੀ ਪ੍ਰੇਸ਼ਾਨੀ ਵਿੱਚ ਧੱਕਣ ਦੇ ਨਾਲ ਨਾਲ ਹਜਾਰਾਂ ਸਕੂਲਾਂ ਵਿੱਚ ਸਿੱਖਿਆ ਦਾ ਹਰਜਾਨਾ ਕਰਨ ਦੀ ਸਖ਼ਤ ਨਿਖੇਧੀ ਕਰਦਾ ਹੈ।ਵਿਕਰਮ ਦੇਵ ਸਿੰਘ (ਸੂਬਾ ਪ੍ਰਧਾਨ)ਮਹਿੰਦਰ ਕੌੜਿਆਂਵਾਲੀ (ਜਨਰਲ ਸਕੱਤਰ)ਗੁਰਵਿੰਦਰ ਸਿੰਘ (ਜਿਲ੍ਹਾ ਪ੍ਰਧਾਨ ਫਾਜ਼ਿਲਕਾ)ਕੁਲਜੀਤ ਸਿੰਘ ਡੰਗਰਖੇੜਾ (ਜਿਲ੍ਹਾ ਸਕੱਤਰ, ਫਾਜ਼ਿਲਕਾ)