
ਮਾਛੀਵਾੜਾ ‘ਚ ਦੋ ਸਰਕਾਰੀ ਸਕੂਲਾਂ ਦਾ ਅਚਨਚੇਤ ਨਿਰੀਖਣ, ਇੱਕ ਸਕੂਲ ‘ਚ ਵਧੀਆ ਪ੍ਰਦਰਸ਼ਨ, ਦੂਜੇ ‘ਚ ਥੋੜ੍ਹੀ ਲਾਪਰਵਾਹੀ।
ਮਾਛੀਵਾੜਾ, 9 ਜੁਲਾਈ: ਅੱਜ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ੍ਰੀਮਤੀ ਰਵਿੰਦਰ ਕੌਰ ਵੱਲੋਂ ਛੁੱਟੀਆਂ ਦੇ ਖਤਮ ਹੋਣ ਤੋਂ ਬਾਅਦ ਮਾਛੀਵਾੜਾ ਦੋ ਬਲਾਕਾਂ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ ਅਚਨਚੇਤ ਨਿਰੀਖਣ ਕੀਤਾ ਗਿਆ। ਇਹ ਨਿਰੀਖਣ ਸਰਕਾਰੀ ਪ੍ਰਾਇਮਰੀ ਸਕੂਲ ਅੜਿਆਣਾ ਅਤੇ ਭੰਮਾ ਕਲਾਂ ਵਿਖੇ ਕੀਤਾ ਗਿਆ।
ਸਰਕਾਰੀ ਪ੍ਰਾਇਮਰੀ ਸਕੂਲ ਅੜਿਆਣਾ ‘ਚ ਕਲਾਸ ਰੂਮ, ਵਾਸ਼ਰੂਮ ਅਤੇ ਕਿਚਨ ਆਦਿ ਬਹੁਤ ਹੀ ਸਾਫ ਸੁਥਰੇ ਪਾਏ ਗਏ। ਸਾਰੇ ਅਧਿਆਪਕ ਆਪਣੀਆਂ ਕਲਾਸਾਂ ‘ਚ ਹਾਜ਼ਰ ਸਨ ਅਤੇ ਪਾਠ ਪੜ੍ਹਾਈ ਵਧੀਆ ਮਾਹੌਲ ‘ਚ ਚੱਲ ਰਹੀ ਸੀ। ਮਿਸ਼ਨ ਸਮਰੱਥ ਦੇ ਤਹਿਤ ਵਿਦਿਆਰਥੀਆਂ ਦੀ ਟੈਸਟਿੰਗ ਵੀ ਕੀਤੀ ਗਈ, ਜਿਸ ਵਿੱਚ ਬੱਚਿਆਂ ਦੀ ਕਾਰਗੁਜ਼ਾਰੀ ਸੰਤੋਸ਼ਜਨਕ ਪਾਈ ਗਈ।
ਦੂਜੇ ਪਾਸੇ, ਭੰਮਾ ਕਲਾਂ ਦੇ ਸਕੂਲ ਵਿਖੇ ਨਿਰੀਖਣ ਦੌਰਾਨ ਇੰਚਾਰਜ ਗੁਲਸ਼ਨ ਕੁਮਾਰ ਗੈਰਹਾਜ਼ਰ ਪਾਏ ਗਏ। ਸਕੂਲ ‘ਚ ਸਾਫ਼-ਸਫਾਈ ਦੀ ਭਾਰੀ ਕਮੀ ਸੀ, ਪਾਠ ਪੜ੍ਹਾਈ ਦਾ ਮਾਹੌਲ ਵੀ ਠੀਕ ਨਹੀਂ ਸੀ। ਮਿਡ ਡੇ ਮੀਲ ਲਈ ਕਿਚਨ ਗੰਦਗੀ ਨਾਲ ਭਰਪੂਰ ਸੀ ਅਤੇ ਖਾਣਾ ਵੀ ਉਚਿਤ ਢੰਗ ਨਾਲ ਤਿਆਰ ਨਹੀਂ ਕੀਤਾ ਗਿਆ ਸੀ।
ਇਸ ਗੰਭੀਰ ਲਾਪਰਵਾਹੀ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਸਕੂਲ ਇੰਚਾਰਜ ਨੂੰ ਸ਼ੋ ਕੌਜ਼ ਨੋਟਿਸ ਜਾਰੀ ਕੀਤਾ ਗਿਆ। ਇਹ ਨੋਟਿਸ ਗੈਰ ਹਾਜ਼ਰੀ ਦੇ ਨਾਲ ਨਾਲ ਸਕੂਲੀ ਪ੍ਰਬੰਧਾਂ ‘ਚ ਗੈਰ ਜਿੰਮੇਵਾਰਾਨਾ ਰਵੱਈਏ ਕਰਕੇ ਜਾਰੀ ਹੋਇਆ।
ਇਸ ਦੌਰਾਨ ਦਾਖਲਾ ਮੁਹਿੰਮ ਤਹਿਤ ਇੱਕ ਨਵੇਂ ਬੱਚੇ ਦਾ ਸਕੂਲ ਵਿੱਚ ਦਾਖਲਾ ਵੀ ਕਰਵਾਇਆ ਗਿਆ। ਸਿੱਖਿਆ ਅਫਸਰ ਵੱਲੋਂ ਦੋਹਾਂ ਸਕੂਲਾਂ ਨੂੰ ਸਖ਼ਤ ਹਦਾਇਤ ਦਿੱਤੀ ਗਈ ਕਿ ਪਿੰਡਾਂ ਵਿੱਚ ਡੋਰ-ਟੂ-ਡੋਰ ਸਰਵੇ ਕਰਕੇ ਦਾਖਲਾ ਵਧਾਇਆ ਜਾਵੇ, ਬੱਚਿਆਂ ਦੀ ਲੈਵਲ ਅਨੁਸਾਰ ਗਰੁੱਪਿੰਗ ਕਰਕੇ ਪਾਠ ਪੜ੍ਹਾਇਆ ਜਾਵੇ, ਸਾਫ਼-ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਮਿਡ ਡੇ ਮੀਲ ‘ਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਾ ਕੀਤੀ ਜਾਵੇ।