
ਆਓ ਸਕੂਲ ਚੱਲੀਏ’ ਮੁਹਿੰਮ ਤਹਿਤ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਵੱਖ-ਵੱਖ ਸਕੂਲਾਂ ਦਾ ਦੌਰਾ
(ਬੱਚਿਆਂ ਨੂੰ ਤਣਾਅ-ਮੁਕਤ ਸਿੱਖਿਆ ਦੇਣਾ ਸਮੇਂ ਦੀ ਮੁੱਖ ਲੋੜ – ਰਵਿੰਦਰ ਕੌਰ)
ਮਾਛੀਵਾੜਾ: ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ‘ਆਓ ਸਕੂਲ ਚੱਲੀਏ’ ਮੁਹਿੰਮ ਸ਼ੁਰੂ ਕੀਤੀ ਗਈ। ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਇਹ ਮੁਹਿੰਮ ਤਿਉਹਾਰ ਵਾਂਗ ਮਨਾਈ ਗਈ।

ਇਸ ਸੰਦਰਭ ਵਿੱਚ ਜਿਲ੍ਹਾ ਸਿੱਖਿਆ ਅਫਸਰ (ਐਸਿ) ਸ਼੍ਰੀਮਤੀ ਰਵਿੰਦਰ ਕੌਰ ਅਤੇ ਉਪ-ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਮਨੋਜ ਕੁਮਾਰ ਵੱਲੋਂ ਸਪਸ ਦੌਰਾਹਾ, ਬਿਲਗਾ, ਰਾਜਗੜ੍ਹ ਆਦਿ ਸਕੂਲਾਂ ਦਾ ਦੌਰਾ ਕਰਕੇ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ।
ਸ਼੍ਰੀਮਤੀ ਰਵਿੰਦਰ ਕੌਰ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਬੱਚਿਆਂ ‘ਚ ਮਾਨਸਿਕ ਤਣਾਅ ਵਧ ਰਿਹਾ ਹੈ, ਜਿਸ ਕਰਕੇ ਉਹ ਪੜ੍ਹਾਈ ਨੂੰ ਬੋਝ ਸਮਝਦੇ ਹਨ। ਇਹ ਮੁਹਿੰਮ ਬੱਚਿਆਂ ਨੂੰ ਤਣਾਅ-ਮੁਕਤ ਸਿੱਖਿਆ ਦੇਣ ਅਤੇ ਸਿੱਖਣ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਚਲਾਈ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਸਕੂਲਾਂ ‘ਚ ਪਹਿਲੇ ਦਿਨ ਬੱਚਿਆਂ ਦਾ ਸਵਾਗਤ “ਜੀ ਆਇਆ ਨੂੰ” ਕਹਿ ਕੇ ਕੀਤਾ ਗਿਆ। ਸਾਰੇ ਦਿਨ ਦੌਰਾਨ ਅਧਿਆਪਕਾਂ ਦੀ ਅਗਵਾਈ ਹੇਠ ਬੱਚਿਆਂ ਨੇ ਖੇਡਾਂ, ਕਹਾਣੀ-ਕਥਨ, ਚਿੱਤਰਕਲਾ, ਹਸਤਕਲਾ ਵਰਗੀਆਂ ਰਚਨਾਤਮਕ ਅਤੇ ਮਨੋਰੰਜਕ ਗਤੀਵਿਧੀਆਂ ਵਿੱਚ ਭਰਪੂਰ ਭਾਗ ਲਿਆ।
ਸਪਸ ਬਿਲਗਾ ਦੇ ਸੰਬੰਧ ਵਿੱਚ ਰਵਿੰਦਰ ਕੌਰ ਨੇ ਦੱਸਿਆ ਕਿ ਪਿੰਡ ਦੇ ਇੱਕ ਦਾਨੀ ਪਰਿਵਾਰ ਵੱਲੋਂ ਅੱਧਾ ਏਕੜ ਜਮੀਨ ਦਾਨ ਕੀਤੀ ਗਈ ਹੈ, ਜਿਸ ਰਾਹੀਂ ਪਿੰਡ ਦੇ ਸਹਿਯੋਗ ਨਾਲ ਸਕੂਲ ਦੀ ਨਵੀਂ ਇਮਾਰਤ ਤਿਆਰ ਕੀਤੀ ਗਈ ਹੈ। ਇਸ ਮੌਕੇ ਉਹਨਾਂ ਦਾਨੀ ਪਰਿਵਾਰ ਦਾ ਧੰਨਵਾਦ ਵੀ ਕੀਤਾ।
ਉੱਥੇ ਹੀ, ਉਪ-ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਮਨੋਜ ਕੁਮਾਰ ਵੱਲੋਂ ਬਲਾਕ ਮਾਛੀਵਾੜਾ ਦੇ ਵੱਖ-ਵੱਖ ਸਕੂਲਾਂ ਦਾ ਦੌਰਾ ਕਰਕੇ ਕਾਰਜਵਾਹੀਆਂ ਦੀ ਸਮੀਖਿਆ ਕੀਤੀ ਗਈ। ਇਸ ਦੌਰਾਨ ਜਿਲ੍ਹਾ ਰਿਸੋਰਸ ਕੋਆਰਡੀਨੇਟਰ ਮਨਮੀਤਪਾਲ ਸਿੰਘ ਗਰੇਵਾਲ ਵੀ ਉਨ੍ਹਾਂ ਨਾਲ ਮੌਜੂਦ ਰਹੇ।